ਆਪਣੀ ਘਰਵਾਲੀ ਦੀ ਥਾਂ ਦੂਜੀ ਔਰਤ ਖੜ੍ਹਾ ਕੇ ਮਾਰੀ ਸਵਾ ਛੇ ਲੱਖ ਦੀ ਠੱਗੀ
ਘਨੌਲੀ, 30 ਜੁਲਾਈ (ਹ:ਬ) : ਮੋਰਿੰਡਾ ਦੇ ਇੱਕ ਪ੍ਰਾਪਰਟੀ ਡੀਲਰ ਨਾਲ ਮਿਲ ਕੇ ਇੱਕ ਵਿਅਕਤੀ ਵੱਲੋਂ ਕੋਈ ਦੂਜੀ ਔਰਤ ਖੜ੍ਹੀ ਕਰਕੇ ਆਪਣੀ ਪਤਨੀ ਦੀ ਜ਼ਮੀਨ ਦਾ ਧੋਖੇ ਨਾਲ ਸੌਦਾ ਕਰਨ ਦਾ ਪਤਾ ਲੱਗਿਆ ਹੈ। ਜ਼ਮੀਨ ਦੀ ਰਜਿਸਟਰੀ ਤਸਦੀਕ ਹੋਣ ਤੋਂ ਪਹਿਲਾਂ ਹੀ ਮਾਮਲੇ ਦਾ ਭੇਦ ਖੁੱਲ੍ਹਣ ਕਰਕੇ ਭਾਵੇਂ ਉਸ ਦੀ ਅਸਲ ਪਤਨੀ ਤਾਂ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਈ, ਪਰ ਘਨੌਲੀ ਨੇੜਲੇ ਪਿੰਡ ਥਲੀ ਖੁਰਦ ਦਾ ਭੋਲਾ-ਭਾਲਾ ਇਨਸਾਨ ਬਲਵਿੰਦਰ ਸਿੰਘ ਆਪਣੇ ਸਵਾ ਛੇ ਲੱਖ ਰੁਪਏ ਗਵਾ ਬੈਠਾ। ਪੱਤਰਕਾਰਾਂ ਨੂੰ ਹਲਫੀਆਂ ਬਿਆਨ ਰਾਹੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਥਲੀ ਖੁਰਦ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਸ ਕੋਲ ਸੁਰਤਾਪੁਰ ਪਿੰਡ ਦਾ ਇੱਕ ਵਿਅਕਤੀ ਸੁਰਜੀਤ ਸਿੰਘ ਆਇਆ, ਜਿਸ ਨੇ ਦੱਸਿਆ ਕਿ ਮੋਰਿੰਡੇ ਕੋਲ 54 ਕਨਾਲ 14 ਮਰਲੇ ਜ਼ਮੀਨ ਵਿਕਾਊ ਹੈ। ਸੁਰਜੀਤ ਸਿੰਘ ਉਸ ਨੂੰ ਨਾਲ ਲੈ ਕੇ ਮੜੌਲੀ ਖੁਰਦ ਪਿੰਡ ਗਿਆ, ਜਿੱਥੇ ਸੁਰਜੀਤ ਸਿੰਘ ਨੇ ਚਰਨਜੀਤ ਸਿੰਘ ਨਾਮਕ ਮੋਰਿੰਡੇ ਦੇ ਪ੍ਰਾਪਰਟੀ ਡੀਲਰ ਨਾਲ ਮਿਲਾਇਆ ਤੇ ਉਸ ਨੇ ਬਲਵਿੰਦਰ ਸਿੰਘ ਨੂੰ ਜ਼ਮੀਨ ਦਿਖਾਈ। ਜ਼ਮੀਨ ਦਾ ਸੌਦਾ 12 ਲੱਖ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਤਹਿ ਹੋ ਜਾਣ ਮਗਰੋਂ ਬਲਵਿੰਦਰ ਸਿੰਘ ਨੇ ਚਰਨਜੀਤ ਸਿੰਘ ਨੂੰ ਛੇ ਲੱਖ ਰੁਪਏ ਬਿਆਨੇ ਵਜੋਂ ਦਿੱਤੇ, ਜਿਸ ਤੋਂ ਬਾਅਦ ਚਰਨਜੀਤ ਸਿੰਘ ਨੇ ਬਲਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਮੋਰਿੰਡਾ ਵਿਖੇ ਚਰਨਜੀਤ ਸਿੰਘ ਦੇ ਦਫ਼ਤਰ ਪਹੁੰਚਣ ਨੂੰ ਕਿਹਾ। ਉਥੇ ਪਹੁੰਚ ਕੇ ਬਲਵਿੰਦਰ ਸਿੰਘ ਦੇ ਨਾਲ ਆਏ ਦੋ ਵਿਅਕਤੀਆਂ ਰਾਮ ਦਿਆਲ ਪੁੱਤਰ ਨੱਥੂ ਰਾਮ ਵਾਸੀ ਘਨੌਲਾ ਅਤੇ ਸੁਰਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸੁਰਤਾਪੁਰ ਦੇ ਗਵਾਹਾਂ ਵਜੋਂ ਦਸਤਖ਼ਤ ਕਰਵਾ ਕੇ ਬਿਆਨੇ ਦੀ ਕਾਪੀ ਉਨ੍ਹਾਂ ਨੂੰ ਦੇ ਦਿੱਤੀ। ਕੁਝ ਦਿਨਾਂ ਬਾਅਦ ਜਦੋਂ ਬਲਵਿੰਦਰ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਾਲ ਲੈ ਕੇ ਨਵੀਂ ਜ਼ਮੀਨ ਦੇਖਣ ਪੁੱਜਾ ਤਾਂ ਉਥੇ ਇੱਕ ਔਰਤ ਮਿਲੀ, ਜਿਸ ਨੇ ਆਪਣੀ ਪਹਿਚਾਣ ਜ਼ਮੀਨ ਦੀ ਮਾਲਕਣ ਦਲਬੀਰ ਕੌਰ ਵਜੋਂ ਕਰਵਾਉਂਦੇ ਹੋਏ ਪੁੱਛਿਆ ਕਿ ਉਹ (ਬਲਵਿੰਦਰ ਸਿੰਘ ਵਗੈਰਾ) ਉਸ ਦੀ ਜ਼ਮੀਨ ਵਿੱਚ ਕੀ ਕਰਨ ਆਏ ਹਨ? ਜਦੋਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਇਹ ਜ਼ਮੀਨ ਖਰੀਦੀ ਹੈ ਤਾਂ ਉਸ ਔਰਤ ਨੇ ਪੁੱਛਿਆ ਕਿ ਤੁਸੀ ਕਿਸ ਤੋਂ ਇਹ ਜ਼ਮੀਨ ਖਰੀਦੀ ਹੈ। ਜਦੋਂ ਬਲਵਿੰਦਰ ਸਿੰਘ ਨੇ ਕਿਹਾ ਕਿ ਮੈਂ ਤਾਂ ਦਲਬੀਰ ਕੌਰ ਤੋਂ ਜ਼ਮੀਨ ਖਰੀਦੀ ਹੈ ਤਾਂ ਉਕਤ ਔਰਤ ਬਲਵਿੰਦਸ ਸਿੰਘ ਤੇ ਉਸਦੇ ਸਾਥੀਆਂ ਨੂੰ ਆਪਣੇ ਘਰ ਲੈ ਗਈ, ਜਿੱਥੇ ਉਸ ਨੇ ਜ਼ਮੀਨ ਵੇਚਣ ਵਾਲੀ ਔਰਤ ਅਤੇ ਆਪਣੇ ਪਤੀ ਦੀ ਫੋਟੋ ਦਿਖਾਉਂਦਿਆਂ ਦੱਸਿਆ ਕਿ ਸੌਦਾ ਕਰਨ ਵਾਲੀ ਔਰਤ ਦਾ ਨਾਮ ਦਲਬੀਰ ਕੌਰ ਨਹੀਂ, ਬਲਕਿ ਰਜਿੰਦਰ ਕੌਰ ਹੈ, ਜਿਹੜੀ ਕਿ ਉਸਦੇ ਪਤੀ ਨਾਲ ਰਹਿ ਰਹੀ ਹੈ। ਬਲਵਿੰਦਰ ਸਿੰਘ ਨੇ ਪੱਤਰਕਾਰਾਂ ਕੋਲ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਪੁਲਿਸ ਨੇ ਭਾਵੇਂ ਕਿ ਗੁਰਮੀਤ ਸਿੰਘ ਨੂੰ ਤਾਂ ਫੜ ਲਿਆ ਹੈ, ਪਰ ਉਕਤ ਪ੍ਰਾਪਰਟੀ ਡੀਲਰ ਅਤੇ ਰਾਜਿੰਦਰ ਕੌਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਜਦੋਂ ਇਸ ਸਬੰਧ ਵਿੱਚ ਮੋਰਿੰਡਾ ਪੁੀਿਲਸ ਦੇ ਏਐਸਆਈ ਭਗਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਡੀਲਰ ਚਰਨਜੀਤ ਸਿੰਘ ਨੇ ਅਗਾਊਂ ਜ਼ਮਾਨਤ ਕਰਵਾ ਲਈ ਹੈ। ਗੁਰਮੀਤ ਸਿੰਘ ਨੂੰ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਰਾਜਿੰਦਰ ਕੌਰ ਦੀ ਪੁਲਿਸ ਪੂਰੀ ਸਰਗਰਮੀ ਨਾਲ ਭਾਲ ਕਰ ਰਹੀ ਹੈ।









