ਮੁਕਤਸਰ ਦੇ ਅਕਾਲੀ ਲੀਡਰ ਦੀ ਹੱ੍ਯਤਿਆ ਕਰਨ ਵਾਲਾ ਕੌਂਸਲਰ ਦੋ ਦਿਨਾਂ ਰਿਮਾਂਡ ’ਤੇ
ਚੰਡੀਗੜ੍ਹ, 30 ਜੁਲਾਈ (ਹ.ਬ.) : ਸ਼ਹਿਰ ਦੇ ਸੈਕਟਰ 9 ਦੇ ਪਿਛਲੇ ਪਾਸੇ ਕੋਠੀ ਨੰਬਰ 246 ਦੇ ਨੇੜ੍ਹੇ ਮੁਕਤਸਰ ਦੇ ਜਿਸ ਯੂਥ ਅਕਾਲੀ ਲੀਡਰ ਤ੍ਰਿਪਤਦੀਪ ਸਿੰਘ ਸੇਖੋਂ ਉਰਫ ਟਿੱਪਾ ਨੂੰ ਬੀਤੀ 13 ਜੁਲਾਈ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਮੁਕਤਸਰ ਦੇ ਇਕ ਕੌਂਸਲਰ ਮਿੰਕਲ ਬਜਾਜ ਉਰਫ ਬਲਵਿੰਦਰ ਸਿੰਘ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਮਿੰਕਲ ਬਜਾਜ ਨੂੰ ਕਲ ਦੁਪਹਿਰ ਵੇਲੇ ਸੈਕਟਰ 12 ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ ਨੇੜਿਓਂ ਗ੍ਰਿਫ਼ਤਾਰ ਕਰਕੇ ਉਸ ਦੀ ਚਿੱਟੇ ਰੰਗ ਦੀ ਸੈਂਟਰੋ ਕਾਰ ਵੀ ਕਬਜ਼ੇ ਵਿਚ ਲੈ ਲਈ ਸੀ। ਪੁਲਿਸ ਨੇ ਉਸ ਤੋਂ ਇਕ 32 ਬੋਰ ਦਾ ਰਿਵਾਲਵਰ ਤੇ ਚਾਰ ਅਣਚੱਲੇ ਕਾਰਤੂਸ ਵੀ ਬਰਾਮਦ ਕੀਤੇ ਸਨ। ਟਿੱਪਾ ਨੇ ਉਸ ਦੀ 35 ਸਾਲ ਦੀ ਭੈਣ ਦਾ ਅਸ਼ਲੀਲ ਐਮਐਮਐਸ ਤਿਆਰ ਕੀਤਾ ਸੀ ਅਤੇ ਇੰਟਰਨੈਟ ’ਤੇ ਪਾਇਆ ਸੀ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਸੀ। ਇਸ ’ਤੇ ਮਿੰਕਲ ਤੇ ਟਿੱਪਾ ਆਪਸ ਵਿਚ ਦੁਸ਼ਮਣ ਬਣ ਗਏ ਸਨ। ਇਸ ਸਬੰਧ ਵਿਚ ਇਕ ਮਾਮਲਾ ਵੀ ਟਿੱਪਾ ਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਮੁਕਤਸਰ ਥਾਣੇ ਵਿਚ ਦਰਜ ਹੋਇਆ ਸੀ। ਮਿੰਕਲ ਟਿੱਪਾ ਦਾ ਕਤਲ ਕਰਨ ਤੋਂ ਬਾਅਦ ਰੂਪੋਸ਼ ਹੋ ਗਿਆ ਸੀ ਤੇ ਅੰਤਰਿਮ ਜ਼ਮਾਨਤ ਦੇ ਚੱਕਰ ਵਿਚ ਘੁੰਮ ਰਿਹਾ ਸੀ ਕਿ ਪੁਲਿਸ ਦੇ ਹੱਥੀਂ ਚੜ੍ਹ ਗਿਆ।









